ਇਸ ਸੰਗ੍ਰਹਿ ਵਿਚ ਕੁੱਲ ਨੌਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਪਾਠਕਾਂ/ਆਲੋਚਕਾਂ ਨੇ ਸਭ ਤੋਂ ਵੱਧ ਪਸੰਦ ਕੀਤਾ ਹੈ ਜਾਂ ਜਿਨ੍ਹਾਂ ਦੀ ਜ਼ਿਆਦਾ ਬੱਲੇ-ਬੱਲੇ ਹੋਈ ਹੈ। ਇਹ ਸਾਰੇ ਕਹਾਣੀਕਾਰ ਸਾਡੇ ਜਾਣੇ-ਪਛਾਣੇ ਲੇਖਕ ਹਨ ਜਿਨ੍ਹਾਂ ਦੀ ਵਿਲੱਖਣਤਾ ਬਾਰੇ ਕੋਈ ਸ਼ੱਕ ਸੁਬ੍ਹਾ ਨਹੀਂ ਹੈ। ਪਹਿਲਾਂ ਵੀ ਇਨ੍ਹਾਂ ਨੇ ਆਪਣੀ ਕਲਾ ਦਾ ਸਿੱਕਾ ਮਨਵਾਇਆ ਹੈ।ਕੁਝ ਸਮਾਂ ਪਹਿਲਾਂ ਬੀਬੀ ਸਵਰਨ ਕੌਰ ਦੀ ਯਾਦ ਵਿਚ ਪੰਜਾਬ ਦੀਆਂ ਸਾਲਾਨਾ ਬਿਹਤਰੀਨ ਕਹਾਣੀਆਂ ਚੁਣੀਆਂ ਜਾਂਦੀਆਂ ਰਹੀਆਂ। ਇਨ੍ਹਾਂ ਕਹਾਣੀਆਂ ਵਿਚੋਂ ਸਰਵੋਤਮ ਕਹਾਣੀ ਨੂੰ ਆਦਰ-ਮਾਣ ਵੀ ਦਿੱਤਾ ਜਾਂਦਾ ਰਿਹਾ। ਉਹ ਕਹਾਣੀਆਂ ਪੁਸਤਕ ਰੂਪ ਵਿਚ ਵੀ ਛਪਦੀਆਂ ਸਨ। ਪਰ ਕੁਝ ਕਾਰਨਾਂ ਕਰਕੇ ਉਹ ਪਿਰਤ ਬੰਦ ਹੋ ਗਈ ਤੇ ਪਾਠਕ ਵਧੀਆ ਕਹਾਣੀਆਂ ਦੀ ਸ਼ਨਾਖਤ ਕਰਨੋਂ ਵਾਂਝੇ ਰਹਿ ਗਏ। ਹੁਣ ਸੁਕੀਰਤ ਹੋਰਾਂ ਦੇ ਉੱਦਮ ਨਾਲ ਇਹ ਪਿਰਤ ਇਕ ਵਾਰ ਫੇਰ 2018 ਤੋਂ ਸ਼ੁਰੂ ਹੋ ਗਈ ਹੈ। ਅਦਾਰੇ ਵੱਲੋਂ ਨਿਯਤ ਕੀਤੇ ਜੱਜਾਂ ਦੇ ਪੈਨਲ ਦੁਆਰਾ ਕੁਝ ਬਿਹਤਰੀਨ ਕਹਾਣੀਆਂ, ਜੋ ਇਕ ਸਾਲ ਦੇ ਅੰਦਰ-ਅੰਦਰ ਅਖ਼ਬਾਰਾਂ ਮੈਗਜ਼ੀਨਾਂ ਵਿਚ ਛਪੀਆਂ ਹੋਣ, ਦੀ ਚੋਣ ਕੀਤੀ ਜਾਂਦੀ ਹੈ। ਫੇਰ ਆਪਸੀ ਬਹਿਸ ਅਤੇ ਵਿਚਾਰ-ਵਟਾਂਦਰੇ ਰਾਹੀਂ ਉਨ੍ਹਾਂ ਨੂੰ ਸ਼ਾਰਟ-ਲਿਸਟ ਕੀਤਾ ਜਾਂਦਾ ਹੈ। ਫੇਰ ਆਪਸੀ ਸੰਵਾਦ ਤੇ ਜਮਹੂਰੀ ਢੰਗ ਨਾਲ ਕਿਸੇ ਇਕ ਕਹਾਣੀ ਦੀ ਚੋਣ ਤੀਕ ਅੱਪੜਿਆ ਜਾਂਦਾ ਹੈ ਜਿਸ ਨੂੰ ਇੱਕੀ ਹਜ਼ਾਰ ਦਾ ਪੁਰਸਕਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਸੁਕੀਰਤ ਹੋਰਾਂ ਨੇ ਆਪਣੀ ਗੁਣਵੰਤੀ ਤੇ ਸਾਹਿਤਕਾਰ ਮਾਤਾ ਸ੍ਰੀਮਤੀ ਉਰਮਿਲਾ ਆਨੰਦ ਦੀ ਯਾਦ ਵਿਚ ਇਹ ਉਪਰਾਲਾ ਕਰਨ ਦਾ ਉੱਦਮ ਕੀਤਾ ਹੈ ਜੋ ਆਉਂਦੇ ਵਰ੍ਹਿਆਂ ਵਿਚ ਵੀ ਜਾਰੀ ਰਹਿਣ ਦੀ ਪੂਰੀ ਸੰਭਾਵਨਾ ਹੈ। ਇਸ ਪਹਿਲੇ ਉੱਦਮ ਵਿਚ ਇਹ ਪੁਸਤਕ ‘2018 ਦੀਆਂ ਪ੍ਰਤੀਨਿਧ ਕਹਾਣੀਆਂ’ (ਸੰਪਾਦਕ: ਸੁਕੀਰਤ; ਕੀਮਤ: 250 ਰੁਪਏ; ਪੀਪਲਜ਼ ਫੋਰਮ, ਬਰਗਾੜੀ) ਹੋਂਦ ਵਿਚ ਆਈ ਹੈ।
‘2018 ਦੀਆਂ ਪ੍ਰਤੀਨਿਧ ਕਹਾਣੀਆਂ’ (ਸੰਪਾਦਕ: ਸੁਕੀਰਤ; ਕੀਮਤ: 250 ਰੁਪਏ; ਪੀਪਲਜ਼ ਫੋਰਮ, ਬਰਗਾੜੀ) ਵਿੱਚ ਕੁੱਲ ਨੌਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਪਾਠਕਾਂ/ਆਲੋਚਕਾਂ ਨੇ ਸਭ ਤੋਂ ਵੱਧ ਪਸੰਦ ਕੀਤਾ ਹੈ।